ਵਿਦਿਆਰਥੀ ਵਿਸ਼ੇਸ਼ ਸਿੱਖਿਆ ਪ੍ਰਾਪਤ ਕਰਨ ਦੀ ਸ਼ੁਰੂਆਤ ਕਿਵੇਂ ਕਰਦਾ ਹੈ?

ਵਿਦਿਆਰਥੀ ਵਿਸ਼ੇਸ਼ ਸਿੱਖਿਆ ਪ੍ਰਾਪਤ ਕਰਨ ਦੀ ਸ਼ੁਰੂਆਤ ਕਿਵੇਂ ਕਰਦਾ ਹੈ?

ਜ਼ਿਲ੍ਹਾ ਉਹਨਾਂ ਵਿਦਿਆਰਥੀਆਂ ਨੂੰ ਕਿਵੇਂ ਲੱਭਦਾ ਹੈ ਜਿਹਨਾਂ ਨੂੰ ਵਿਸ਼ੇਸ਼ ਸਿੱਖਿਆ ਸੇਵਾਵਾਂ ਦੀ ਲੋੜ ਹੁੰਦੀ ਹੈ?

Individuals with Disabilities Education Act (IDEA, ਅਪਾਹਜ ਵਿਅਕਤੀ ਸਿੱਖਿਆ ਐਕਟ) ਅਤੇ ਰਾਜ ਦੇ ਵਿਸ਼ੇਸ਼ ਸਿੱਖਿਆ ਕਾਨੂੰਨ ਦੇ ਅਧੀਨ, ਜ਼ਿਲ੍ਹਿਆਂ ਕੋਲ ਪ੍ਰਮਾਣਿਕ ਫਰਜ਼ ਹੈ ਕਿ ਉਹ ਜ਼ਿਲ੍ਹੇ ਵਿੱਚ ਰਹਿ ਰਹੇ ਉਹਨਾਂ ਸਾਰੇ ਵਿਦਿਆਰਥੀਆਂ ਦੀ ਪਛਾਣ ਕਰਨ, ਜਿਹਨਾਂ ਨੂੰ ਵਿਸ਼ੇਸ਼ ਸਿੱਖਿਆ ਸੇਵਾਵਾਂ ਦੀ ਲੋੜ ਹੋ ਸਕਦੀ ਹੈ। ਇਸ ਫਰਜ਼ ਨੂੰ "Child Find (ਬੱਚੇ ਦੀ ਖੋਜ)" ਕਿਹਾ ਜਾਂਦਾ ਹੈ। ਜ਼ਿਲ੍ਹਿਆਂ ਨੂੰ ਇਹ ਯਕੀਨੀ ਬਣਾਉਣ ਲਈ ਨੀਤੀਆਂ ਅਤੇ ਪ੍ਰਕਿਰਿਆਵਾਂ ਦੀ ਲੋੜ ਹੁੰਦੀ ਹੈ ਕਿ ਅਪਾਹਜ ਵਿਦਿਆਰਥੀਆਂ ਦੀ ਪਛਾਣ ਕੀਤੀ ਜਾਂਦੀ ਹੈ, ਉਹਨਾਂ ਦਾ ਪਤਾ ਲਗਾਇਆ ਜਾਂਦਾ ਹੈ ਅਤੇ ਮੁਲਾਂਕਣ ਕੀਤਾ ਜਾਂਦਾ ਹੈ।

ਵਿਸ਼ੇਸ਼ ਸਿੱਖਿਆ ਲਈ ਮੇਰੇ ਬੱਚੇ ਦਾ ਮੁਲਾਂਕਣ ਕਿਵੇਂ ਕੀਤਾ ਜਾ ਸਕਦਾ ਹੈ?

ਤੁਹਾਡੇ ਬੱਚੇ ਨੂੰ ਵਿਸ਼ੇਸ਼ ਸਿੱਖਿਆ ਮੁਲਾਂਕਣ ਲਈ ਸਕੂਲ ਦੇ ਜ਼ਿਲ੍ਹੇ ਵਿੱਚ ਭੇਜਿਆ ਜਾਣਾ ਚਾਹੀਦਾ ਹੈ। ਵਿਸ਼ੇਸ਼ ਸਿੱਖਿਆ ਮੁਲਾਂਕਣ ਕਰਨ ਲਈ, ਜ਼ਿਲ੍ਹੇ ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਕੀ ਵਿਦਿਆਰਥੀ ਦਾ ਮੁਲਾਂਕਣ ਕਰਨਾ ਹੈ, ਅਤੇ ਫਿਰ ਮੁਲਾਂਕਣ ਕਰਨ ਲਈ ਵਿਦਿਆਰਥੀ ਦੇ ਮਾਤਾ-ਪਿਤਾ ਤੋਂ ਇਜਾਜ਼ਤ ਜਾਂ ਸਹਿਮਤੀ ਲੈਣੀ ਚਾਹੀਦੀ ਹੈ। ਸਕੂਲ ਦੇ ਜ਼ਿਲ੍ਹਿਆਂ ਨੂੰ ਵਿਦਿਆਰਥੀ ਦੀ ਸ਼ੱਕੀ ਅਪਾਹਜਤਾ ਨਾਲ ਸੰਬੰਧਿਤ ਹਰ ਹਿੱਸੇ ਦਾ ਮੁਲਾਂਕਣ ਕਰਨਾ ਚਾਹੀਦਾ ਹੈ। ਵਿਦਿਆਰਥੀ ਜਾਂ ਪਰਿਵਾਰ ਤੋਂ ਬਿਨਾਂ ਕੋਈ ਕੀਮਤ ਲਏ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਮੁਲਾਂਕਣ ਕਰਨ ਲਈ ਤਿੰਨ ਬੁਨਿਆਦੀ ਕਦਮ ਹਨ:

ਕਦਮ 1 ਕੋਈ ਬੇਨਤੀ ਕਰਦਾ ਹੈ ਕਿ ਵਿਦਿਆਰਥੀ ਦਾ ਮੁਲਾਂਕਣ ਕੀਤਾ ਜਾਵੇ।

ਕਦਮ 2 ਜ਼ਿਲ੍ਹਾ ਫ਼ੈਸਲਾ ਕਰਦਾ ਹੈ ਕਿ ਮੁਲਾਂਕਣ ਜ਼ਰੂਰੀ ਹੈ।

ਕਦਮ 3 ਮੁਲਾਂਕਣ ਲਈ ਜ਼ਿਲ੍ਹੇ ਨੂੰ ਸਹਿਮਤੀ ਦਿੱਤੀ ਜਾਂਦੀ ਹੈ।

ਕੀ ਮੈਂ ਆਪਣੇ ਬੱਚੇ ਵਾਸਤੇ ਵਿਸ਼ੇਸ਼ ਸਿੱਖਿਆ ਮੁਲਾਂਕਣ ਲਈ ਬੇਨਤੀ ਕਰ ਸਕਦਾ/ਸਕਦੀ ਹਾਂ?

ਵਾਸ਼ਿੰਗਟਨ ਕਾਨੂੰਨ ਦੇ ਤਹਿਤ, ਹੇਠਲੇ ਲੋਕ ਜਾਂ ਸੰਸਥਾਵਾਂ ਮੁਲਾਂਕਣ ਲਈ ਵਿਦਿਆਰਥੀ ਨੂੰ ਭੇਜ ਸਕਦੇ ਹਨ:

  • ਕੋਈ ਵੀ, ਜੋ ਮਾਤਾ-ਪਿਤਾ ਦੀ ਪਰਿਭਾਸ਼ਾ ਨੂੰ ਪੂਰਾ ਕਰਦਾ ਹੈ
  • ਸਕੂਲ ਦਾ ਜ਼ਿਲ੍ਹਾ
  • ਕੋਈ ਹੋਰ ਸਰਕਾਰੀ ਏਜੰਸੀ
  • ਹੋਰ ਲੋਕ, ਜੋ ਬੱਚੇ ਬਾਰੇ ਜਾਣਦੇ ਹਨ।

ਮੈਂ ਮੁਲਾਂਕਣ ਲਈ ਹਵਾਲਾ ਕਿਵੇਂ ਦਵਾਂ?

1. ਲਿਖਤੀ ਰੂਪ ਵਿੱਚ ਦਿਓ। ਜੇਕਰ ਹਵਾਲਾ ਦੇਣ ਵਾਲਾ ਵਿਅਕਤੀ ਲਿਖਣ ਵਿੱਚ ਅਸਮਰੱਥ ਹੈ ਤਾਂ ਹਵਾਲਾ ਲਿਖਤੀ ਰੂਪ ਵਿੱਚ ਹੋਣਾ ਚਾਹੀਦਾ ਹੈ। ਇਹ ਹੱਥੀਂ ਲਿਖਿਆ ਅਤੇ ਸਾਦਾ ਹੋ ਸਕਦਾ ਹੈ। ਇਸ 'ਤੇ ਮਿਤੀ ਲਿਖਣਾ ਯਕੀਨੀ ਬਣਾਓ ਅਤੇ ਆਪਣੇ ਰਿਕਾਰਡ ਲਈ ਆਪਣੇ ਕੋਲ ਇਸਦੀ ਇੱਕ ਕਾਪੀ ਰੱਖੋ।

2. ਹਵਾਲਾ ਪੱਤਰ ਬਿਲਕੁਲ ਸਹੀ ਹੋਵੇ, ਇਸ ਬਾਰੇ ਚਿੰਤਾ ਨਾ ਕਰੋ। ਬਲਕਿ ਇਸ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਬਾਰੇ ਚਿੰਤਾ ਕਰੋ। ਜਦੋਂ ਤੱਕ ਹਵਾਲਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਕੁਝ ਨਹੀਂ ਹੋਵੇਗਾ ਅਤੇ ਜ਼ਿਲ੍ਹੇ ਨੂੰ ਹਵਾਲਾ ਪ੍ਰਾਪਤ ਹੋਣ ਦੀ ਮਿਤੀ ਤੋਂ ਉਸ ਸਮੇਂ-ਸੀਮਾ ਦੀ ਸ਼ੁਰੂਆਤ ਹੁੰਦੀ ਹੈ, ਜਿਸ ਦੇ ਅੰਦਰ ਜ਼ਿਲ੍ਹੇ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

3. ਬੇਨਤੀ ਕਰੋ ਕਿ ਸਕੂਲ IDEA ਅਤੇ ਸੈਕਸ਼ਨ 504 ਦੋਵਾਂ ਦੀ ਯੋਗਤਾ ਲਈ ਮੁਲਾਂਕਣ ਕਰੇ। ਜੇਕਰ ਵਿਦਿਆਰਥੀ IDEA ਦੇ ਅਧੀਨ ਵਿਸ਼ੇਸ਼ ਸਿੱਖਿਆ ਲਈ ਯੋਗ ਨਹੀਂ ਹੈ, ਤਾਂ ਉਹ ਸੈਕਸ਼ਨ 504 ਦੇ ਅਧੀਨ ਸੇਵਾਵਾਂ ਪ੍ਰਾਪਤ ਕਰਨ ਦੇ ਯੋਗ ਹੋ ਸਕਦਾ ਹੈ।

4. ਤੁਹਾਡੇ ਅਨੁਸਾਰ ਤੁਹਾਡੇ ਬੱਚੇ ਨੂੰ ਜੋ ਸਮੱਸਿਆਵਾਂ ਆ ਰਹੀਆਂ ਹਨ, ਉਸ ਬਾਰੇ ਪੂਰੀ ਤਰ੍ਹਾਂ ਦੱਸੋ। ਜ਼ਿਲ੍ਹਿਆਂ ਨੂੰ ਵਿਦਿਆਰਥੀ ਦੀ ਸ਼ੱਕੀ ਅਪਾਹਜਤਾ ਨਾਲ ਸੰਬੰਧਿਤ ਹਰੇਕ ਹਿੱਸਾ ਟੈਸਟ ਕਰਨ ਦੀ ਲੋੜ ਹੁੰਦੀ ਹੈ, ਇਸ ਲਈ ਸਾਰੀਆਂ ਸਮੱਸਿਆਵਾਂ ਬਾਰੇ ਦੱਸਣਾ ਯਕੀਨੀ ਬਣਾਓ। ਉਦਾਹਰਨ ਲਈ, ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਬੱਚੇ ਨੂੰ ਪੜ੍ਹਨ ਵਿੱਚ ਸਮੱਸਿਆ ਆ ਰਹੀ ਹੈ ਅਤੇ ਉਸ ਨੂੰ ਭਾਵਨਾਤਮਕ ਸਮੱਸਿਆਵਾਂ ਹਨ, ਜਿਹਨਾਂ ਨੂੰ ਹੱਲ ਕਰਨ ਦੀ ਲੋੜ ਹੈ, ਤਾਂ ਦੋਵਾਂ ਦਾ ਮੁਲਾਂਕਣ ਕਰਨ ਲਈ ਕਹੋ।

5. ਉਦਾਹਰਨ ਵਰਤੋ। ਇਹ ਦੱਸਣ ਲਈ ਆਪਣੇ ਖੁਦ ਦੇ ਨਿਰੀਖਣ ਸ਼ਾਮਲ ਕਰੋ ਕਿ ਤੁਸੀਂ ਕਿਉਂ ਸੋਚਦੇ ਹੋ ਕਿ ਤੁਹਾਡਾ ਬੱਚਾ ਅਪਾਹਜ ਹੋ ਸਕਦਾ ਹੈ। ਜੇਕਰ ਤੁਹਾਡੇ ਕੋਲ ਇਹ ਹਨ, ਤਾਂ ਦਸਤਾਵੇਜ਼ ਪ੍ਰਦਾਨ ਕਰੋ ਜੋ ਦਰਸਾਉਂਦੇ ਹਨ ਕਿ ਤੁਹਾਡੇ ਬੱਚੇ ਵਿੱਚ ਕੋਈ ਕਮਜ਼ੋਰੀ ਹੈ, ਜਿਵੇਂ ਕਿ ਡਾਕਟਰਾਂ ਜਾਂ ਮਾਨਸਿਕ ਸਿਹਤ ਪ੍ਰਦਾਤਾਵਾਂ ਦੇ ਪੱਤਰ।

6. ਸਕੂਲ ਜਾਂ ਜ਼ਿਲ੍ਹੇ ਵਿੱਚ ਕਿਸੇ ਅਜਿਹੇ ਵਿਅਕਤੀ ਦਾ ਹਵਾਲਾ ਦਿਓ, ਜਿਸ ਨੂੰ ਤੁਹਾਡੇ ਅਨੁਸਾਰ ਅਧਿਕਾਰ ਹੈ ਅਤੇ ਉਹ ਜਲਦੀ ਕਾਰਵਾਈ ਕਰੇਗਾ। ਹਾਲਾਂਕਿ ਕਾਨੂੰਨ ਕਿਸੇ ਖਾਸ ਵਿਅਕਤੀ ਜਾਂ ਦਫ਼ਤਰ ਨੂੰ ਨਿਸ਼ਚਿਤ ਨਹੀਂ ਕਰਦਾ ਹੈ ਜਿਸ ਨੂੰ ਹਵਾਲਾ ਭੇਜਿਆ ਜਾਣਾ ਚਾਹੀਦਾ ਹੈ, ਇਹ ਕਿਸੇ ਅਜਿਹੇ ਵਿਅਕਤੀ ਨੂੰ ਭੇਜਣਾ ਇੱਕ ਚੰਗਾ ਵਿਚਾਰ ਹੈ, ਜਿਸ ਬਾਰੇ ਤੁਹਾਨੂੰ ਲੱਗਦਾ ਹੈ ਕਿ ਉਹ ਇਸ 'ਤੇ ਪ੍ਰਕਿਰਿਆ ਕਰੇਗਾ। ਉਦਾਹਰਨ ਲਈ, ਤੁਸੀਂ ਆਪਣਾ ਹਵਾਲਾ ਪੱਤਰ ਸਕੂਲ ਦੇ ਪ੍ਰਿੰਸੀਪਲ ਜਾਂ ਜ਼ਿਲ੍ਹੇ ਦੇ ਵਿਸ਼ੇਸ਼ ਸਿੱਖਿਆ ਡਾਇਰੈਕਟਰ ਨੂੰ ਭੇਜਣ ਦਾ ਫ਼ੈਸਲਾ ਕਰ ਸਕਦੇ ਹੋ।

ਜ਼ਿਲ੍ਹੇ ਨੂੰ ਵਿਸ਼ੇਸ਼ ਸਿੱਖਿਆ ਮੁਲਾਂਕਣ ਦਾ ਹਵਾਲਾ ਪ੍ਰਾਪਤ ਹੋਣ ਤੋਂ ਬਾਅਦ ਕੀ ਹੁੰਦਾ ਹੈ?

ਕਿਸੇ ਵਿਦਿਆਰਥੀ ਦਾ ਮੁਲਾਂਕਣ ਕਰਨਾ ਹੈ ਜਾਂ ਨਹੀਂ ਇਹ ਫ਼ੈਸਲਾ ਕਰਨ ਲਈ ਜ਼ਿਲ੍ਹੇ ਕੋਲ 25 ਸਕੂਲੀ ਦਿਨ ਹੁੰਦੇ ਹਨ। (ਸੈਕਸ਼ਨ 504 ਵਿੱਚ ਕੋਈ ਮੁਲਾਂਕਣ ਸਮੇਂ-ਸੀਮਾ ਨਹੀਂ ਹੈ। ਜੇਕਰ ਜ਼ਿਲ੍ਹੇ ਕੋਲ 504 ਮੁਲਾਂਕਣ ਨੀਤੀ ਨਹੀਂ ਹੈ, ਤਾਂ ਇੱਕ ਗਾਈਡ ਵਜੋਂ IDEA ਸਮੇਂ-ਸੀਮਾ ਦੀ ਵਰਤੋਂ ਕਰੋ।) ਮੁਲਾਂਕਣ ਕਰਨ ਦਾ ਫ਼ੈਸਲਾ ਕਰਨ ਵੇਲੇ, ਜ਼ਿਲ੍ਹੇ ਨੂੰ ਸਕੂਲ ਦੀਆਂ ਫਾਈਲਾਂ ਵਿੱਚ ਉਪਲਬਧ ਜਾਂ ਮਾਤਾ-ਪਿਤਾ ਜਾਂ ਦੇਖਭਾਲਕਰਤਾ ਵੱਲੋਂ ਪ੍ਰਦਾਨ ਕੀਤੇ ਗਏ ਕਿਸੇ ਵੀ ਮੌਜੂਦਾ ਵਿੱਦਿਅਕ ਅਤੇ ਮੈਡੀਕਲ ਰਿਕਾਰਡ ਦੀ ਸਮੀਖਿਆ ਕਰਨੀ ਚਾਹੀਦੀ ਹੈ। ਮੁਲਾਂਕਣ ਕਰਨਾ ਹੈ ਜਾਂ ਨਹੀਂ, ਇਸ ਬਾਰੇ ਫ਼ੈਸਲਾ ਕਰਨ ਤੋਂ ਬਾਅਦ, ਜ਼ਿਲ੍ਹੇ ਨੂੰ ਮਾਤਾ-ਪਿਤਾ ਜਾਂ ਸਰਪ੍ਰਸਤ ਨੂੰ ਫ਼ੈਸਲੇ ਦਾ ਲਿਖਤੀ ਨੋਟਿਸ ਭੇਜਣਾ ਚਾਹੀਦਾ ਹੈ। ਜੇਕਰ ਜ਼ਿਲ੍ਹਾ ਮੁਲਾਂਕਣ ਨਾ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਤੁਸੀਂ ਫ਼ੈਸਲੇ ਨੂੰ ਚੁਣੌਤੀ ਦੇ ਸਕਦੇ ਹੋ। ਜ਼ਿਲ੍ਹੇ ਨਾਲ ਵਿਵਾਦਾਂ ਨੂੰ ਨਿਪਟਾਉਣ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਣਨ ਲਈ, ਇਸ ਪ੍ਰਕਾਸ਼ਨ ਦਾ ਸੈਕਸ਼ਨ VII ਵੇਖੋ।

ਮੁਲਾਂਕਣ ਕਰਨ ਲਈ ਜ਼ਿਲ੍ਹੇ ਨੂੰ ਕਿਸ ਸਹਿਮਤੀ ਦੀ ਲੋੜ ਹੁੰਦੀ ਹੈ?

ਜ਼ਿਲ੍ਹੇ ਨੂੰ ਪਹਿਲੀ ਵਾਰ ਬੱਚੇ ਦਾ ਮੁਲਾਂਕਣ ਕਰਨ ਤੋਂ ਪਹਿਲਾਂ, ਮਾਤਾ-ਪਿਤਾ ਤੋਂ ਇਜਾਜ਼ਤ ਲੈਣੀ ਚਾਹੀਦੀ ਹੈ। ਜੇਕਰ ਮਾਤਾ-ਪਿਤਾ ਇਨਕਾਰ ਕਰਦੇ ਹਨ, ਤਾਂ ਜ਼ਿਲ੍ਹਾ ਮਾਤਾ-ਪਿਤਾ ਦੀ ਅਸਹਿਮਤੀ ਨੂੰ ਰੱਦ ਕਰਵਾਉਣ ਲਈ ਅਪੀਲ ਕਰ ਸਕਦਾ ਹੈ।

ਜ਼ਿਲ੍ਹੇ ਨੂੰ ਮੁਲਾਂਕਣ ਕਰਨ ਦੀ ਸਹਿਮਤੀ ਪ੍ਰਾਪਤ ਹੋਣ ਤੋਂ ਬਾਅਦ ਕੀ ਹੁੰਦਾ ਹੈ?

ਸਕੂਲ ਦੇ ਜ਼ਿਲ੍ਹੇ ਕੋਲ ਵਿਦਿਆਰਥੀ ਦਾ ਮੁਲਾਂਕਣ ਕਰਨ ਲਈ 35 ਸਕੂਲੀ ਦਿਨ ਹੁੰਦੇ ਹਨ। ਵਾਸ਼ਿੰਗਟਨ ਕਾਨੂੰਨ ਕਹਿੰਦਾ ਹੈ ਕਿ ਜ਼ਿਲ੍ਹੇ ਨੂੰ ਵਿਸ਼ੇਸ਼ ਸਿੱਖਿਆ ਯੋਗਤਾ ਮੁਲਾਂਕਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ, ਇਸ ਲਈ 35 ਸਕੂਲੀ ਦਿਨ ਹੁੰਦੇ ਹਨ:

  • ਵਿਦਿਆਰਥੀ ਦਾ ਪੂਰੀ ਤਰ੍ਹਾਂ ਮੁਲਾਂਕਣ ਕਰਨਾ
  • ਫੈਸਲਾ ਲੈਣਾ ਕਿ ਕੀ ਵਿਦਿਆਰਥੀ ਅਪਾਹਜ ਹੈ
  • ਇਹ ਨਿਰਧਾਰਤ ਕਰਨਾ ਕਿ ਕੀ ਉਸਨੂੰ ਵਿਸ਼ੇਸ਼ ਸਿੱਖਿਆ ਸੇਵਾਵਾਂ ਦੀ ਲੋੜ ਹੈ।

ਜਦੋਂ ਤੱਕ ਜ਼ਿਲ੍ਹਾ ਮਾਤਾ-ਪਿਤਾ ਲਈ ਸਮਝੌਤੇ ਦੇ ਦਸਤਾਵੇਜ਼ ਤਿਆਰ ਕਰਦਾ ਹੈ, ਉਦੋਂ ਤੱਕ ਜ਼ਿਲ੍ਹਾ ਅਤੇ ਮਾਤਾ-ਪਿਤਾ ਕਿਸੇ ਹੋਰ ਸਮੇਂ-ਸੀਮਾ ਲਈ ਵੀ ਸਹਿਮਤ ਹੋ ਸਕਦੇ ਹਨ। ਉਦਾਹਰਨ ਲਈ, ਮਾਤਾ-ਪਿਤਾ ਸੁਤੰਤਰ ਵਿੱਦਿਅਕ ਮੁਲਾਂਕਣ ਦੇ ਨਤੀਜਿਆਂ ਦੀ ਉਡੀਕ ਕਰਨ ਦੀ ਸਮੇਂ-ਸੀਮਾ ਵਧਾਉਣ ਲਈ ਸਹਿਮਤ ਹੋਣਾ ਚਾਹ ਸਕਦੇ ਹਨ। ਜੇਕਰ ਮਾਤਾ-ਪਿਤਾ ਵਾਰ-ਵਾਰ ਬੱਚੇ ਨੂੰ ਮੁਲਾਂਕਣ ਲਈ ਲਿਆਉਣ ਤੋਂ ਇਨਕਾਰ ਕਰਦੇ ਹਨ ਜਾਂ ਜੇ ਬੱਚਾ ਮੁਲਾਂਕਣ ਦੌਰਾਨ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਜਾਂਦਾ ਹੈ, ਤਾਂ 35 ਸਕੂਲੀ ਦਿਨ ਦੀ ਸਮੇਂ-ਸੀਮਾ ਰੱਦ ਕਰ ਦਿੱਤੀ ਜਾਂਦੀ ਹੈ, ਜਦੋਂ ਤੱਕ ਨਵਾਂ ਜ਼ਿਲ੍ਹਾ ਮੁਲਾਂਕਣ ਨੂੰ ਛੇਤੀ ਪੂਰਾ ਕਰਨ ਲਈ ਲੋੜੀਂਦੀ ਪ੍ਰਕਿਰਿਆ ਕਰ ਰਿਹਾ ਹੈ ਅਤੇ ਮਾਤਾ-ਪਿਤਾ ਅਤੇ ਨਵਾਂ ਜ਼ਿਲ੍ਹਾ ਮੁਲਾਂਕਣ ਨੂੰ ਪੂਰਾ ਕਰਨ ਦੀ ਸਮੇਂ-ਸੀਮਾ ਲਈ ਸਹਿਮਤ ਹਨ।

ਮੁਲਾਂਕਣ ਲਈ ਵਾਸ਼ਿੰਗਟਨ ਰਾਜ ਦੀ ਸਮੇਂ-ਸੀਮਾ

evaltimeline

ਵਿਸ਼ੇਸ਼ ਸਿੱਖਿਆ ਮੁਲਾਂਕਣ ਲਈ ਹਵਾਲਾ

25 ਸਕੂਲੀ ਦਿਨ, ਇਹ ਫ਼ੈਸਲਾ ਕਰਨ ਲਈ ਕਿ ਕੀ ਵਿਦਿਆਰਥੀ ਦਾ ਮੁਲਾਂਕਣ ਕਰਨਾ ਹੈ ਜਾਂ ਨਹੀਂ

ਮੁਲਾਂਕਣ ਲਈ ਮਾਤਾ-ਪਿਤਾ ਦੀ ਲਿਖਤ ਸਹਿਮਤੀ

ਮੁਲਾਂਕਣ ਨੂੰ ਪੂਰਾ ਕਰਨ ਲਈ 35 ਸਕੂਲੀ ਦਿਨ

ਜੇਕਰ ਮੇਰਾ ਬੱਚਾ ਮੁਲਾਂਕਣ ਪ੍ਰਕਿਰਿਆ ਦੌਰਾਨ ਆਪਣੀ ਰਿਹਾਇਸ਼ ਬਦਲਦਾ ਹੈ ਤਾਂ ਕੀ ਹੋਵੇਗਾ?

ਜੇਕਰ ਕੋਈ ਵਿਦਿਆਰਥੀ ਇੱਕੋ ਅਕਾਦਮਿਕ ਸਾਲ ਵਿੱਚ ਕਿਸੇ ਵੱਖਰੇ ਜ਼ਿਲ੍ਹੇ ਵਿੱਚ ਜਾਂਦਾ ਹੈ, ਤਾਂ ਵਿਦਿਆਰਥੀ ਦੇ ਪੁਰਾਣੇ ਅਤੇ ਨਵੇਂ ਸਕੂਲ ਨੂੰ ਜਿੰਨੀ ਜਲਦੀ ਮੁਮਕਿਨ ਹੋ ਸਕੇ, ਤਾਲਮੇਲ ਬਿਠਾਉਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਸ਼ੇਸ਼ ਸਿੱਖਿਆ ਦਾ ਮੁਲਾਂਕਣ ਛੇਤੀ ਪੂਰਾ ਹੋਵੇਗਾ। ਵਾਸ਼ਿੰਗਟਨ ਰਾਜ ਦੇ ਕਾਨੂੰਨ ਦੇ ਅਨੁਸਾਰ ਇਹ ਲੋੜੀਂਦਾ ਹੈ ਕਿ ਵਿਦਿਆਰਥੀ ਦੇ ਦਾਖਲ ਹੋਣ 'ਤੇ ਨਵਾਂ ਜ਼ਿਲ੍ਹਾ ਵਿਦਿਆਰਥੀ ਦਾ ਰਿਕਾਰਡ ਪ੍ਰਾਪਤ ਕਰਨਾ ਸ਼ੁਰੂ ਕਰੇ ਅਤੇ ਵਿਦਿਆਰਥੀ ਦਾ ਪਿਛਲਾ ਸਕੂਲ ਜ਼ਿਲ੍ਹਾ 2 ਸਕੂਲੀ ਦਿਨਾਂ ਦੇ ਅੰਦਰ ਜਿੰਨੀ ਜਲਦੀ ਮੁਮਕਿਨ ਹੋ ਸਕੇ, ਮਹੱਤਵਪੂਰਨ ਜਾਣਕਾਰੀ ਅਤੇ ਸਕੂਲ ਰਿਕਾਰਡ ਪ੍ਰਦਾਨ ਕਰੇ।

ਵਿਸ਼ੇਸ਼ ਸਿੱਖਿਆ ਮੁਲਾਂਕਣ ਦਾ ਦਾਇਰਾ ਕੀ ਹੈ?

ਜ਼ਿਲ੍ਹੇ ਨੂੰ ਬੱਚੇ ਦੇ ਹਰੇਕ ਉਸ ਹਿੱਸੇ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਜਿਸ ਵਿੱਚ ਅਪਾਹਜਤਾ ਦਾ ਸ਼ੱਕ ਹੈ। ਵਿਸ਼ੇਸ਼ ਸਿੱਖਿਆ ਮੁਲਾਂਕਣ ਦੇ ਦੋ ਉਦੇਸ਼ ਹਨ: 1) ਸੇਵਾਵਾਂ ਲਈ ਯੋਗਤਾ ਨਿਰਧਾਰਤ ਕਰਨਾ, ਅਤੇ 2) ਵਿਦਿਆਰਥੀਆਂ ਦੀਆਂ ਲੋੜਾਂ ਅਤੇ ਸਮਰੱਥਾਵਾਂ ਦੀ ਪਛਾਣ ਕਰਨਾ ਤਾਂ ਜੋ ਵਿਅਕਤੀਗਤ ਸਿੱਖਿਆ ਪ੍ਰੋਗਰਾਮ ਵਿਕਸਿਤ ਕੀਤਾ ਜਾ ਸਕੇ। ਇਹ ਤੱਥ ਕਿ ਜ਼ਿਲ੍ਹੇ ਨੂੰ ਸ਼ੱਕੀ ਅਪਾਹਜਤਾ ਵਾਲੇ ਹਰੇਕ ਹਿੱਸੇ ਦਾ ਮੁਲਾਂਕਣ ਕਰਨਾ ਚਾਹੀਦਾ ਹੈ, ਇੱਕ ਅਹਿਮ ਅਤੇ ਮਹੱਤਵਪੂਰਨ ਕੰਮ ਹੈ। ਕਈ ਵਾਰ ਵਿਦਿਆਰਥੀ ਨੂੰ 1 ਤੋਂ ਵੱਧ ਹਿੱਸਿਆਂ ਵਿੱਚ ਸਮੱਸਿਆਵਾਂ ਹੋਣਗੀਆਂ। ਵਿਦਿਆਰਥੀ ਦੇ ਕਿਸੇ 1 ਹਿੱਸੇ ਕਰਕੇ, ਉਸਨੂੰ ਵਿਸ਼ੇਸ਼ ਸਿੱਖਿਆ ਲਈ ਯੋਗ ਪਾਏ ਜਾਣ ਤੋਂ ਬਾਅਦ, ਜ਼ਿਲ੍ਹਾ ਮੁਲਾਂਕਣ ਨੂੰ ਰੋਕ ਸਕਦਾ ਹੈ। ਜੇਕਰ ਮੁਲਾਂਕਣ ਵਿੱਚ ਸਿਰਫ਼ 1 ਹਿੱਸਾ ਸ਼ਾਮਲ ਹੈ, ਤਾਂ ਹੋ ਸਕਦਾ ਹੈ ਕਿ ਜਦੋਂ ਵਿਅਕਤੀਗਤ ਪ੍ਰੋਗਰਾਮ ਵਿਕਸਿਤ ਕਰਨ ਦਾ ਸਮਾਂ ਆਵੇ ਤਾਂ ਵਿਦਿਆਰਥੀ ਦੀਆਂ ਸਾਰੀਆਂ ਲੋੜਾਂ ਬਾਰੇ ਲੋੜੀਂਦੀ ਜਾਣਕਾਰੀ ਨਾ ਹੋਵੇ। ਆਪਣੇ ਬੱਚੇ ਲਈ ਸਭ ਤੋਂ ਢੁੱਕਵੀਂ ਸਿੱਖਿਆ ਯੋਜਨਾ ਪ੍ਰਾਪਤ ਕਰਨ ਲਈ, ਇਹ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੀਆਂ ਮੁਲਾਂਕਣ ਕੋਸ਼ਿਸ਼ਾਂ ਵੱਲ ਧਿਆਨ ਦਿਓ ਕਿ ਉਹ ਵਿਆਪਕ ਹਨ। ਸਾਰੇ ਹਿੱਸਿਆਂ ਦਾ ਮੁਲਾਂਕਣ ਕਰਨ ਲਈ ਜ਼ਿਲ੍ਹੇ ਨੂੰ ਉਸਦੀ ਜ਼ਿੰਮੇਵਾਰੀ ਬਾਰੇ ਯਾਦ ਦਿਵਾਓ।

ਕਿਹੜੇ ਹਿੱਸਿਆਂ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ ਅਤੇ ਕਿਸ ਤਰ੍ਹਾਂ ਦੇ ਟੈਸਟ ਵਰਤੇ ਜਾਣਗੇ?

ਜ਼ਿਲ੍ਹਾ ਹੇਠਲੇ ਹਿੱਸਿਆਂ ਲਈ ਬੱਚੇ ਦਾ ਮੁਲਾਂਕਣ ਕਰ ਸਕਦਾ ਹੈ:

  • ਸਿਹਤ (ਸਰੀਰਕ ਅਤੇ ਮਾਨਸਿਕ ਸਿਹਤ)
  • ਨਜ਼ਰ
  • ਸੁਣਨਾ
  • ਸਮਾਜਿਕ ਅਤੇ ਭਾਵਨਾਤਮਕ ਸਿਹਤ
  • ਆਮ ਸਮਝ
  • ਅਕਾਦਮਿਕ ਪ੍ਰਦਰਸ਼ਨ
  • ਸੰਚਾਰ, ਬੋਲੀ ਅਤੇ ਭਾਸ਼ਾ
  • ਮੋਟਰ ਸਮਰੱਥਾਵਾਂ।

ਮੁਲਾਂਕਣ ਲਈ ਵਰਤੇ ਜਾਣ ਵਾਲੇ ਟੈਸਟ ਵੈਧ ਅਤੇ ਟੈਸਟ ਕੀਤੇ ਜਾ ਰਹੇ ਹਿੱਸੇ ਲਈ ਢੁੱਕਵੇਂ ਹੋਣੇ ਚਾਹੀਦੇ ਹਨ। ਇਸਦਾ ਮਤਲਬ ਇਹ ਹੈ ਕਿ ਟੈਸਟਾਂ ਨੂੰ ਉਹਨਾਂ ਚੀਜ਼ਾਂ ਨੂੰ ਸਹੀ ਢੰਗ ਨਾਲ ਮਾਪਣਾ ਚਾਹੀਦਾ ਹੈ ਜਿਹਨਾਂ ਲਈ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਦਾਹਰਨ ਲਈ, Wechsler Intelligence Scale for Children IV (ਚਿਲਡਰਨ IV ਲਈ ਵੇਚਸਲਰ ਸਮਝ ਪੈਮਾਨਾ) (ਜਿਸ ਨੂੰ WISC IV ਕਿਹਾ ਜਾਂਦਾ ਹੈ) ਆਮ ਤੌਰ 'ਤੇ ਵਰਤਿਆ ਜਾਣ ਵਾਲਾ ਟੈਸਟ ਹੈ ਜੋ ਆਮ ਸਮਝ ਦਾ ਮੁਲਾਂਕਣ ਕਰਨ ਲਈ ਤਿਆਰ ਕੀਤਾ ਗਿਆ ਹੈ। ਆਮ ਤੌਰ 'ਤੇ, WISC IV ਦੇ ਨਤੀਜਿਆਂ ਦੀ ਵਰਤੋਂ ਬੱਚੇ ਦੀ ਭਾਵਨਾਤਮਕ ਸਥਿਤੀ ਦਾ ਮੁਲਾਂਕਣ ਕਰਨ ਲਈ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਹ ਉਸ ਉਦੇਸ਼ ਲਈ ਤਿਆਰ ਨਹੀਂ ਕੀਤੇ ਗਏ ਹਨ। ਟੈਸਟ ਅਤੇ ਮੁਲਾਂਕਣ ਮਟੀਰੀਅਲ ਦੀ ਚੋਣ ਅਤੇ ਪ੍ਰਬੰਧਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਨਸਲ, ਸੱਭਿਆਚਾਰ ਜਾਂ ਲਿੰਗ ਦੇ ਆਧਾਰ 'ਤੇ ਵਿਤਕਰਾ ਨਾ ਹੋਵੇ। ਇਸ ਤੋਂ ਇਲਾਵਾ, ਟੈਸਟ ਅਤੇ ਮਟੀਰੀਅਲ ਵਿਦਿਆਰਥੀ ਨੂੰ ਉਸਦੀ ਮੂਲ ਭਾਸ਼ਾ ਜਾਂ ਸੰਚਾਰ ਦੇ ਹੋਰ ਮਾਧਿਅਮ (ਜਿਵੇਂ ਕਿ ਸਾਇਨ ਭਾਸ਼ਾ) ਵਿੱਚ ਦਿੱਤੇ ਜਾਣੇ ਚਾਹੀਦੇ ਹਨ, ਜਦੋਂ ਤੱਕ ਕਿ ਅਜਿਹਾ ਕਰਨਾ ਅਸੰਭਵ ਨਾ ਹੋਵੇ। ਤੁਸੀਂ ਕੀ ਕਰ ਸਕਦੇ ਹੋ? ਟੈਸਟਾਂ ਬਾਰੇ ਸਵਾਲ ਪੁੱਛੋ। ਹਾਲਾਂਕਿ ਮੁਲਾਂਕਣ ਦੀ ਸ਼ਬਦਾਵਲੀ ਔਖੀ ਹੋ ਸਕਦੀ ਹੈ, ਤੁਸੀਂ ਸਵਾਲ ਪੁੱਛ ਕੇ ਸਮਝ ਸਕਦੇ ਹੋ:

  • ਟੈਸਟ ਦਾ ਉਦੇਸ਼, ਅਤੇ
  • ਕੀ ਵਰਤਿਆ ਗਿਆ ਟੈਸਟ ਤੁਹਾਡੇ ਬੱਚੇ ਲਈ ਸਹੀ ਹੈ?

ਤੁਸੀਂ ਆਪਣੇ ਲਈ ਮੁਲਾਂਕਣ ਟੀਮ ਦੇ ਕਿਸੇ ਮੈਂਬਰ ਨੂੰ ਆਸਾਨ ਭਾਸ਼ਾ ਵਿੱਚ ਟੈਸਟ ਦੀ ਵਿਆਖਿਆ ਕਰਨ ਲਈ ਕਹੋ। ਯਕੀਨੀ ਬਣਾਓ ਕਿ ਟੈਸਟ ਉਸ ਸਮਰੱਥਾ ਨੂੰ ਸਹੀ ਢੰਗ ਨਾਲ ਮਾਪ ਸਕਦਾ ਹੈ ਜਿਸ ਨੂੰ ਮਾਪਣ ਲਈ ਉਹ ਵਰਤਿਆ ਜਾ ਰਿਹਾ ਹੈ। ਉਦਾਹਰਨ ਲਈ, ਨਤੀਜਿਆਂ ਦੇ ਵੈਧ ਹੋਣ ਲਈ ਕੁਝ ਟੈਸਟਾਂ ਵਿੱਚ ਉਮਰ, ਪੜ੍ਹਨ ਦੇ ਹੁਨਰ ਅਤੇ ਭਾਸ਼ਾ ਦੀ ਯੋਗਤਾ ਦੀ ਲੋੜ ਹੁੰਦੀ ਹੈ। ਜੇਕਰ ਤੁਹਾਡਾ ਬੱਚਾ ਕਿਸੇ ਖ਼ਾਸ ਟੈਸਟ ਲਈ ਬਹੁਤ ਛੋਟਾ ਹੈ, ਟੈਸਟ ਦੇ ਲੋੜੀਂਦੇ ਪੱਧਰ ਅਨੁਸਾਰ ਨਹੀਂ ਪੜ੍ਹ ਸਕਦਾ ਹੈ ਜਾਂ ਜੇਕਰ ਟੈਸਟ ਤੁਹਾਡੇ ਬੱਚੇ ਦੀ ਮੂਲ ਭਾਸ਼ਾ ਵਿੱਚ ਨਹੀਂ ਦਿੱਤਾ ਗਿਆ ਹੈ, ਤਾਂ ਟੈਸਟ ਦੇ ਨਤੀਜੇ ਉਪਯੋਗੀ ਨਹੀਂ ਹੋ ਸਕਦੇ ਅਤੇ ਅਵੈਧ ਵੀ ਹੋ ਸਕਦੇ ਹਨ।

ਟੈਸਟ ਕੌਣ ਕਰੇਗਾ?

ਉਹ ਪ੍ਰੋਫੈਸ਼ਨਲ, ਜੋ ਸ਼ੱਕੀ ਅਪਾਹਜਤਾ ਦੇ ਹਿੱਸਿਆਂ ਦਾ ਟੈਸਟ ਕਰਨ ਲਈ ਯੋਗ ਹਨ। ਸਕੂਲ ਦਾ ਮਨੋਵਿਗਿਆਨੀ ਕਈ ਟੈਸਟ ਕਰ ਸਕਦਾ ਹੈ। ਪਰ ਅਪਾਹਜਤਾ ਦੇ ਕੁਝ ਹਿੱਸਿਆਂ ਲਈ ਵਿਸ਼ੇਸ਼ ਸਿਖਲਾਈ ਵਾਲਾ ਇੱਕ ਮਨੋਵਿਗਿਆਨੀ, ਇੱਕ ਮਨੋਚਿਕਿਤਸਕ, ਇੱਕ ਫਿਜ਼ੀਕਲ ਥੈਰੇਪਿਸਟ/ਸਪੀਚ ਥੈਰੇਪਿਸਟ, ਇੱਕ ਮੈਡੀਕਲ ਡਾਕਟਰ ਜਾਂ ਮੁਹਾਰਤ ਵਾਲੇ ਕਿਸੇ ਹੋਰ ਵਿਅਕਤੀ ਦੀ ਲੋੜ ਹੋਵੇਗੀ। ਜੇਕਰ ਜ਼ਿਲ੍ਹੇ ਦਾ ਸਟਾਫ ਪੂਰਾ ਮੁਲਾਂਕਣ ਕਰਨ ਦੇ ਯੋਗ ਨਹੀਂ ਹੈ, ਤਾਂ ਜ਼ਿਲ੍ਹੇ ਨੂੰ ਮੁਲਾਂਕਣ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਬਾਹਰੀ ਮੁਹਾਰਤ ਦੀ ਲੋੜ ਪੈ ਸਕਦੀ ਹੈ। ਇਹਨਾਂ ਬਾਹਰੀ ਮੁਲਾਂਕਣਾਂ ਦਾ ਭੁਗਤਾਨ ਜ਼ਿਲ੍ਹੇ ਵੱਲੋਂ ਕੀਤਾ ਜਾਣਾ ਚਾਹੀਦਾ ਹੈ। ਜ਼ਿਲ੍ਹਾ ਕਿਸੇ ਵਿਦਿਆਰਥੀ ਜਾਂ ਪਰਿਵਾਰ ਨੂੰ ਨਿੱਜੀ ਬੀਮਾ ਜਾਂ ਕੋਈ ਹੋਰ ਫੰਡਿੰਗ ਬਾਰੇ ਪੁੱਛ ਸਕਦਾ ਹੈ ਜੋ ਬਾਹਰੀ ਮੁਲਾਂਕਣ ਦੀ ਲਾਗਤ ਨੂੰ ਕਵਰ ਕਰ ਸਕੇ। ਜੇਕਰ ਕੋਈ ਵਿਦਿਆਰਥੀ ਜਾਂ ਪਰਿਵਾਰ ਬੀਮਾ ਲਾਭਾਂ ਜਾਂ ਫੰਡਿੰਗ ਦੇ ਹੋਰ ਸਰੋਤਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ ਹੈ, ਤਾਂ ਜ਼ਿਲ੍ਹੇ ਨੂੰ ਮੁਲਾਂਕਣ ਪੂਰਾ ਕਰਨ ਲਈ ਲੋੜੀਂਦੇ ਬਾਹਰੀ ਟੈਸਟਾਂ ਦਾ ਪ੍ਰਬੰਧ ਅਤੇ ਭੁਗਤਾਨ ਕਰਨਾ ਪਏਗਾ।

ਜ਼ਿਲ੍ਹਾ ਮੇਰੇ ਬੱਚੇ ਦੀ ਯੋਗਤਾ ਅਤੇ ਲੋੜੀਂਦੀ ਵਿਸ਼ੇਸ਼ ਸਿੱਖਿਆ ਬਾਰੇ ਹੋਰ ਕਿੰਨ੍ਹੇ ਤਰੀਕਿਆਂ ਨਾਲ ਜਾਣਕਾਰੀ ਇਕੱਤਰ ਕਰ ਸਕਦਾ ਹੈ?

ਜ਼ਿਲ੍ਹੇ ਨੂੰ ਇੱਕ ਵਿਦਿਆਰਥੀ ਬਾਰੇ ਸੰਬੰਧਿਤ ਕਾਰਜਾਤਮਕ, ਵਿਕਾਸ ਸੰਬੰਧੀ ਅਤੇ ਅਕਾਦਮਿਕ ਜਾਣਕਾਰੀ ਇਕੱਤਰ ਕਰਨ ਲਈ ਕਈ ਤਰ੍ਹਾਂ ਦੇ ਮੁਲਾਂਕਣ ਟੂਲ ਅਤੇ ਰਣਨੀਤੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜਾਣਕਾਰੀ ਇਕੱਤਰ ਕਰਨ ਵਿੱਚ ਵਿਦਿਆਰਥੀ ਦਾ ਨਿਰੀਖਣ ਅਤੇ ਪਰਿਵਾਰ, ਦੇਖਭਾਲਕਰਤਾਵਾਂ ਅਤੇ ਹੋਰਾਂ ਦੇ ਇੰਟਰਵਿਊ ਸ਼ਾਮਲ ਹੋ ਸਕਦੇ ਹਨ, ਜੋ ਵਿਦਿਆਰਥੀ ਨੂੰ ਜਾਣਦੇ ਹਨ। IDEA ਅਤੇ No Child Left Behind Act ('ਕੋਈ ਵੀ ਬੱਚਾ ਪਿੱਛੇ ਨਾ ਰਹੇ' ਐਕਟ) ਜਾਣਕਾਰੀ ਇਕੱਤਰ ਕਰਨ ਲਈ ਕਲਾਸ ਦੇ ਮੁਲਾਂਕਣਾਂ ਦੀ ਵਰਤੋਂ 'ਤੇ ਜ਼ੋਰ ਦਿੰਦੇ ਹਨ। ਕਲਾਸ ਦੇ ਮੁਲਾਂਕਣਾਂ ਨੂੰ ਅਕਸਰ ਪਾਠਕ੍ਰਮ ਆਧਾਰਿਤ ਉਪਾਅ ਕਿਹਾ ਜਾਂਦਾ ਹੈ। ਤੁਹਾਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਕੀ ਤੁਹਾਡੇ ਬੱਚੇ ਲਈ ਪਾਠਕ੍ਰਮ ਆਧਾਰਿਤ ਉਪਾਅ ਦੀ ਵਰਤੋਂ ਕੀਤੀ ਗਈ ਸੀ ਤਾਂ ਜੋ ਮੁਲਾਂਕਣ ਟੀਮ ਦੇ ਸਾਰੇ ਮੈਂਬਰ ਇਹਨਾਂ ਮੁਲਾਂਕਣਾਂ ਦੀ ਸਮੀਖਿਆ ਕਰ ਸਕਣ ਕਿਉਂਕਿ ਕਈ ਵਾਰ ਪਾਠਕ੍ਰਮ ਆਧਾਰਿਤ ਉਪਾਅ ਨੂੰ ਕਿਸੇ ਆਮ ਸਿੱਖਿਆ ਅਧਿਆਪਕ ਵੱਲੋਂ ਪੂਰਾ ਕੀਤਾ ਜਾਂਦਾ ਹੈ ਅਤੇ ਵਿਸ਼ੇਸ਼ ਸਿੱਖਿਆ ਸਟਾਫ ਨਾਲ ਸਾਂਝਾ ਨਹੀਂ ਕੀਤਾ ਜਾਂਦਾ ਹੈ।

ਜੇ ਮੈਂ ਮੁਲਾਂਕਣ ਦੇ ਦਾਇਰੇ ਜਾਂ ਨਤੀਜਿਆਂ ਨਾਲ ਅਸਹਿਮਤ ਹਾਂ ਤਾਂ ਕੀ ਹੋਵੇਗਾ?

ਜੇਕਰ ਤੁਸੀਂ ਮੁਲਾਂਕਣ ਨਾਲ ਅਸਹਿਮਤ ਹੋ, ਤਾਂ ਤੁਸੀਂ ਜ਼ਿਲ੍ਹੇ ਦੇ ਖਰਚੇ 'ਤੇ ਇੱਕ ਸੁਤੰਤਰ ਵਿੱਦਿਅਕ ਮੁਲਾਂਕਣ ਲਈ ਬੇਨਤੀ ਕਰ ਸਕਦੇ ਹੋ। ਜੇਕਰ ਤੁਸੀਂ ਮੁਲਾਂਕਣ ਦੇ ਦਾਇਰੇ ਜਾਂ ਨਤੀਜਿਆਂ ਬਾਰੇ ਚਿੰਤਤ ਹੋ, ਤਾਂ ਤੁਸੀਂ ਇਹ ਕਰ ਸਕਦੇ ਹੋ:

  • ਜ਼ਿਲ੍ਹੇ ਨਾਲ ਗੱਲ ਕਰੋ ਅਤੇ ਆਪਣੀਆਂ ਚਿੰਤਾਵਾਂ ਬਾਰੇ ਦੱਸੋ। ਜ਼ਿਲ੍ਹੇ ਨੂੰ ਵਾਧੂ ਜਾਂ ਹੋਰ ਮੁਲਾਂਕਣ ਕਰਨ ਲਈ ਕਹੋ
  • ਮੁਲਾਂਕਣ ਕਰਨ ਲਈ ਕੁਝ ਹੋਰ ਸਾਧਨ ਲੱਭੋ (ਕੀ ਤੁਹਾਡੇ ਬੱਚੇ ਕੋਲ ਡਾਕਟਰੀ ਕਵਰੇਜ ਹੈ ਜੋ ਚਿੰਤਾਜਨਕ ਹਿੱਸਿਆਂ ਦੇ ਮੁਲਾਂਕਣਾਂ ਲਈ ਭੁਗਤਾਨ ਕਰੇਗੀ? ਜ਼ਿਲ੍ਹੇ ਨੂੰ ਬਾਹਰੀ ਮੁਲਾਂਕਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।)
  • ਜ਼ਿਲ੍ਹੇ ਦੇ ਖਰਚ 'ਤੇ ਸੁਤੰਤਰ ਵਿੱਦਿਅਕ ਮੁਲਾਂਕਣ ਲਈ ਪੁੱਛੋ, ਅਤੇ ਜ਼ਿਲ੍ਹੇ ਤੋਂ ਮੁਲਾਂਕਣ ਕਰਨ ਵਾਲਿਆਂ ਦੀ ਸੂਚੀ ਪ੍ਰਾਪਤ ਕਰੋ
  • ਹੋਰ ਰਸਮੀ ਵਿਵਾਦ ਹੱਲ ਦੇ ਵਿਕਲਪਾਂ ਬਾਰੇ ਵਿਚਾਰ ਕਰੋ, ਜਿਵੇਂ ਕਿ ਵਿਚੋਲਗੀ, ਸ਼ਿਕਾਇਤਾਂ, ਜਾਂ ਅਪੀਲ ਕਰਨ ਦੀ ਉਚਿਤ ਪ੍ਰਕਿਰਿਆ। ਵਿਵਾਦ ਦੇ ਨਿਪਟਾਰੇ ਬਾਰੇ ਹੋਰ ਜਾਣਕਾਰੀ ਲਈ ਇਸ ਪ੍ਰਕਾਸ਼ਨ ਦਾ ਸੈਕਸ਼ਨ VII ਵੇਖੋ।

ਜੇਕਰ ਮੈਂ "ਸਰਕਾਰੀ ਖਰਚੇ 'ਤੇ ਸੁਤੰਤਰ ਵਿੱਦਿਅਕ ਮੁਲਾਂਕਣ" ਲਈ ਬੇਨਤੀ ਕਰਦਾ/ਕਰਦੀ ਹਾਂ ਤਾਂ ਕੀ ਹੁੰਦਾ ਹੈ?

ਜ਼ਿਲ੍ਹੇ ਨੂੰ ਜਾਂ ਤਾਂ ਬੇਨਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਜਾਂ ਇਹ ਦਿਖਾਉਣ ਲਈ ਸੁਣਵਾਈ ਸ਼ੁਰੂ ਕਰਨੀ ਚਾਹੀਦੀ ਹੈ ਕਿ ਇਸਦਾ ਮੁਲਾਂਕਣ ਢੁੱਕਵਾਂ ਹੈ ਜਾਂ ਨਹੀਂ। ਸੁਤੰਤਰ ਵਿੱਦਿਅਕ ਮੁਲਾਂਕਣ ਦਾ ਮਤਲਬ ਹੈ ਕਿਸੇ ਯੋਗਤਾ ਪ੍ਰਾਪਤ ਵਿਅਕਤੀ ਵੱਲੋਂ ਕੀਤਾ ਗਿਆ ਮੁਲਾਂਕਣ, ਜੋ ਕਿ ਜ਼ਿਲ੍ਹੇ ਦਾ ਕਰਮਚਾਰੀ ਨਹੀਂ ਹੈ, ਜੋ ਵਿਦਿਆਰਥੀ ਦੀ ਸਿੱਖਿਆ ਦਾ ਇੰਚਾਰਜ ਹੈ। ਬੇਨਤੀ ਕਰਨ 'ਤੇ, ਜ਼ਿਲ੍ਹੇ ਨੂੰ ਮਾਤਾ-ਪਿਤਾ ਲਈ ਇਹ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ ਕਿ ਸੁਤੰਤਰ ਮੁਲਾਂਕਣ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਮਾਤਾ-ਪਿਤਾ ਨੂੰ ਇਹ ਚੁਣਨਾ ਪੈਂਦਾ ਹੈ ਕਿ ਮੁਲਾਂਕਣ ਕੌਣ ਕਰੇਗਾ। ਜੇਕਰ ਇਹ ਸੁਤੰਤਰ ਮੁਲਾਂਕਣ ਦੀ ਬੇਨਤੀ ਦਾ ਵਿਰੋਧ ਕਰਦਾ ਹੈ ਤਾਂ ਜ਼ਿਲ੍ਹੇ ਕੋਲ ਸੁਣਵਾਈ ਦੀ ਉਚਿਤ ਪ੍ਰਕਿਰਿਆ ਦੀ ਮੰਗ ਕਰਨ ਲਈ 15 ਕੈਲੰਡਰ ਦਿਨ ਹਨ। ਜੇਕਰ ਜ਼ਿਲ੍ਹਾ 15 ਕੈਲੰਡਰ ਦਿਨਾਂ ਦੇ ਅੰਦਰ ਸੁਣਵਾਈ ਦੀ ਬੇਨਤੀ ਨਹੀਂ ਕਰਦਾ ਹੈ, ਤਾਂ ਉਸਨੂੰ ਸੁਤੰਤਰ ਮੁਲਾਂਕਣ ਲਈ ਭੁਗਤਾਨ ਕਰਨਾ ਚਾਹੀਦਾ ਹੈ ਜਾਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਦਿਆਰਥੀ ਜਾਂ ਪਰਿਵਾਰ ਨੂੰ ਬਿਨਾਂ ਕਿਸੇ ਲਾਗਤ ਦੇ ਸੁਤੰਤਰ ਮੁਲਾਂਕਣ ਪ੍ਰਦਾਨ ਕੀਤਾ ਜਾਵੇ। ਜੇਕਰ ਸੁਣਵਾਈ ਅਧਿਕਾਰੀ ਇਹ ਨਿਰਧਾਰਤ ਕਰਦਾ ਹੈ ਕਿ ਜ਼ਿਲ੍ਹੇ ਦਾ ਮੁਲਾਂਕਣ ਉਚਿਤ ਹੈ, ਤਾਂ ਮਾਤਾ-ਪਿਤਾ ਨੂੰ ਹਾਲੇ ਵੀ ਸੁਤੰਤਰ ਮੁਲਾਂਕਣ ਕਰਵਾਉਣ ਦਾ ਅਧਿਕਾਰ ਹੈ, ਪਰ ਜ਼ਿਲ੍ਹੇ ਨੂੰ ਇਸਦੇ ਲਈ ਭੁਗਤਾਨ ਨਹੀਂ ਕਰਨਾ ਪਵੇਗਾ। ਜ਼ਿਲ੍ਹੇ ਨੂੰ ਹਾਲੇ ਵੀ ਸੁਤੰਤਰ ਮੁਲਾਂਕਣ ਦੇ ਨਤੀਜਿਆਂ 'ਤੇ ਵਿਚਾਰ ਕਰਨਾ ਚਾਹੀਦਾ ਹੈ, ਭਾਵੇਂ ਉਸਨੂੰ ਇਸਦੇ ਲਈ ਭੁਗਤਾਨ ਨਾ ਕਰਨਾ ਪਵੇ।